ਸੰਗ੍ਰਿਹ

ਕਾਮਾਗਾਟਾ ਮਾਰੂ: ਕੰਟੀਨਿਉਇੰਗ ਦਾ ਜਰਨੀ  ਡਿਜਿਟਲ ਸੰਗ੍ਰਿਹ ਵਿੱਚ ਹੇਠਾਂ ਵਰਨਣ ਕੀਤੇ ਬਹੁਤ ਸਾਰੇ ਵੱਖ ਵੱਖ ਸੰਗ੍ਰਿਹਾਂ ਵਿੱਚੋਂ ਸਮੱਗਰੀ ਸ਼ਾਮਲ ਹੈ।

ਜੇਕਰ ਤੁਸੀਂ ਕਿਸੇ ਵਿਸ਼ੇਸ਼ ਸੰਗ੍ਰਿਹ ਵਿੱਚੋਂ ਸਾਰੀਆਂ ਵਸਤਾਂ ਵੇਖਣੀਆਂ ਚਾਹੋ, ਤਾਂ ਖੱਬੇ ਮੈਨਿਉ ਵਿੱਚ ਖੋਜ ਬੌਕਸ ਦੇ ਅੰਤਰਗਤ “ਹੋਰ ਵਿਕਲਪ” ਉੱਤੇ ਕਲਿੱਕ ਕਰੋ। ਜਦੋਂ ਤੁਸੀਂ ਇੱਕ ਵਾਰ ਨਵੇਂ ਖੋਜ ਪੰਨੇ ਤੇ ਪਹੁੰਚ ਜਾਉ, ਤਾਂ ਸੰਗ੍ਰਿਹ ਦਾ ਨਾਂ ਜਿਵੇਂ ਹੇਠਾਂ ਦਿੱਤਾ ਹੈ, ਠੀਕ ਉਸੇ ਤਰ੍ਹਾਂ ਖੋਜ ਬੌਕਸ ਵਿੱਚ ਦਰਜ ਕਰੋ, ਫ਼ਿਰ “ਦਿੱਤੇ ਸ਼ਬਦ ਅਨੁਸਾਰ” ਵਿਕਲਪ ਨੂੰ ਚੁਣੋ ਅਤੇ “ਖੋਜ” ਬਟਨ ਉੱਤੇ ਕਲਿੱਕ ਕਰੋ।

ਅਰਜਨ ਸਿੰਘ ਬਰਾੜ ਸੰਗ੍ਰਿਹ

2014 ਵਿੱਚ, ਕਾਮਾਗਾਟਾ ਮਾਰੂ ਦੀ ਘਟਨਾ ਤੋਂ ਲਗ ਭਗ 100 ਸਾਲ ਬਾਦ, ਸ੍ਰੀ ਅਮਰਜੀਤ ਸਿੰਘ ਬਰਾੜ ਅਤੇ ਉਨ੍ਹਾਂ ਦੇ ਪ੍ਰਵਾਰ ਨੇ ਕਾਮਾਗਾਟਾ ਮਾਰੂ ਦੇ ਸਮੇਂ ਤੋਂ ਲੈ ਕੇ ਵੈਨਕੂਵਰ ਵਿੱਚ ਦੱਖਣ ਏਸ਼ੀਆਈਆਂ ਦੇ ਇਤਿਹਾਸ ਦਾ ਬਿਰਤਾਂਤ ਦਰਸਾਉਂਦੇ ਵਿਸ਼ੇਸ਼ ਸੰਗ੍ਰਿਹ ਅਤੇ ਦੁਰਲਭ ਪੁਸਤਕਾਂ, ਆਪਣੇ ਪਿਤਾ ਦੇ ਦਸਤਾਵੇਜ਼ਾਂ, ਸਕਰੈਪਬੁਕਾਂ, ਡਾਇਰੀਆਂ, ਤਸਵੀਰਾਂ ਅਤੇ ਹੋਰ ਵਿਲੱਖਣ ਵਸਤਾਂ ਨਾਲ ਭਰਿਆ ਇੱਕ ਸੂਟਕੇਸ ਸਾਈਮਨ ਫ਼ਰੇਜ਼ਰ ਯੂਨੀਵਰਸਿਟੀ ਨੂੰ ਦਾਨ ਕੀਤਾ। ਅਰਜਨ ਸਿੰਘ ਬਰਾੜ ਸ਼ੁਰੂ ਵਿੱਚ 1926 ਵਿੱਚ ਕੈਨੇਡਾ ਆਏ। ਮੁਢਲੇ ਦੱਖਣ ਏਸ਼ੀਆਈ ਭਾਈਚਾਰੇ ਦੇ ਸਰਗਰਮ ਮੈਂਬਰ ਹੁੰਦਿਆਂ, 1866 ਵੈਸਟ ਸੈਕੰਡ ਐਵਨਿਊ ਤੇ ਸਥਿਤ ਵੈਨਕੂਵਰ ਦੇ ਸਭ ਤੋਂ ਪਹਿਲੇ ਗੁਰਦੁਆਰੇ ਵਿੱਚ ਖ਼ਾਲਸਾ ਦੀਵਾਨ ਸੁਸਾਇਟੀ ਵਿੱਚ ਉਨ੍ਹਾਂ ਨੇ ਬਹੁਤ ਸਾਰੀਆਂ ਭੂਮਿਕਾਵਾਂ ਨਿਭਾਈਆਂ, ਅਤੇ ਭਾਈਚਾਰੇ ਦੇ ਧਾਰਮਕ, ਰਾਜਨੀਤਕ, ਆਰਥਕ ਅਤੇ ਸਮਾਜਕ ਜੀਵਨ ਦੇ ਕੇਂਦਰ ਵਿੱਚ ਰਹੇ।

ਅਰਜਨ ਸਿੰਘ ਬਰਾੜ ਦੀ ਡਾਇਰੀ ਇਸ ਸੰਗ੍ਰਿਹ ਦਾ ਹਿਰਦਾ ਹੈ। 1920 ਵਿੱਚ ਆਰੰਭ ਕੀਤੀ ਗਈ, ਇਹ ਭਾਈਚਾਰੇ ਦੇ ਇਤਿਹਾਸ ਨੂੰ ਪ੍ਰਮਾਣਤ ਕਰਦੀ  ਹੈ ਜੋ 1904 ਤੋਂ ਸ਼ੁਰੂ ਹੋ ਕੇ 1947 ਵਿੱਚ ਸਮਾਪਤ ਹੁੰਦਾ ਹੈ। ਉਨ੍ਹਾਂ ਦੇ ਹੱਥੀਂ ਸਾਵਧਾਨੀ ਨਾਲ ਕਲਮਬੰਦ ਕੀਤੀ, ਇਹ ਡਾਇਰੀ ਗੁਰਦੁਆਰੇ ਦੇ ਇੱਕ ਪ੍ਰਬੰਧਕ ਦੇ ਦਫ਼ਤਰੀ ਜੀਵਨ ਅਤੇ ਵੈਨਕੂਵਰ ਵਿੱਚ ਆਰੰਭਕ ਦੱਖਣ ਏਸ਼ੀਆਈ ਪ੍ਰਵਾਸੀਆਂ ਦੀਆਂ ਰੋਜ਼ਾਨਾ ਜ਼ਿੰਦਗ਼ੀਆਂ ਨੂੰ ਪ੍ਰਮਾਣਤ ਕਰਦਿਆਂ ਇੱਕ ਨਿਪੁੰਨ ਇਤਿਹਾਸਕਾਰ ਦੇ ਤਰੀਕਵਾਰ ਬਿਰਤਾਂਤ ਨੂੰ ਮੇਲਦੀ ਹੈ। ਗੁਰਦੁਆਰਾ ਕਮੇਟੀ ਦੇ ਕੰਮਕਾਰ ਦਾ ਰੋਜ਼ਾਨਾ ਵਰਣਨ ਅਤੇ ਪਰਉਪਕਾਰੀ ਮਨੋਰਥਾਂ ਲਈ ਇਕੱਠੀਆਂ ਕੀਤੀਆਂ ਗਈਆ ਰਕਮਾਂ ਦਾ ਵਰਣਨ, ਇਸ ਵਿੱਚ ਸ਼ਾਮਲ ਹੈ, ਵੈਨਕੂਵਰ ਵਿੱਚ ਜੀਵਨ ਸਬੰਧੀ ਕਿੱਸੇ ਕਹਾਣੀਆਂ, ਅਤੇ ਸੈਕੰਡ ਐਵਨਿਊ ਤੇ ਗੁਰਦੁਆਰੇ ਦੀਆਂ ਤਸਵੀਰਾਂ ਇਸ ਵਿੱਚ ਸ਼ਾਮਲ ਹਨ। ਦੱਖਣ ਏਸ਼ੀਆਈ ਦ੍ਰਿਸ਼ਟੀਕੋਣ ਤੋਂ ਕਾਮਾਗਾਟਾ ਮਾਰੂ ਦੀ ਘਟਨਾ ਦਾ ਵਰਣਨ ਇਸ ਡਾਇਰੀ ਦਾ ਮੁੱਖ ਪ੍ਰਕਾਸ਼ਮਈ ਅੰਸ਼ ਹੈ-ਜਿਸ ਵਿੱਚ ਸ਼ੋਰ ਕਮੇਟੀ ਦੀਆਂ ਗਤੀਵਿਧੀਆਂ, ਅਤੇ ਆਖ਼ਰਕਾਰ ਜਹਾਜ਼ ਦੀ ਰਵਾਨਗੀ ਤੱਕ ਦੀਆਂ ਘਟਨਾਵਾਂ ਸਮੇਤ ਜਹਾਜ਼ ਦੇ ਆਗਮਨ ਪ੍ਰਤੀ ਭਾਈਚਾਰੇ ਦੀ ਪ੍ਰਤੀਕਿਰਿਆ ਨੂੰ ਤਰੀਕਵਾਰ ਅੰਕਿਤ ਕੀਤਾ ਗਿਆ ਹੈ।

ਸੰਗ੍ਰਿਹ ਵਿੱਚ ਸ਼ਾਮਲ ਹੋਰ ਬਹੁਤ ਸਾਰੀਆਂ ਵਿਸ਼ੇਸ਼ ਵਸਤਾਂ ਵਿੱਚ ਹਨ:

  • ਪੰਜਾਬੀ ਵਿੱਚ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਦੀ ਸੂਚੀ ਦਾ ਇੱਕ ਬਦਲਵਾਂ ਸੰਸਕਰਣ
  • ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਦੇ ਵਕੀਲ ਜੇ. ਐਡਵਰਡ ਬਰਡ ਵੱਲੋਂ ਗੁਰਦਿਤ ਸਿੰਘ ਅਤੇ ਉਸ ਦੇ ਪੁੱਤਰ ਨਾਲ ਹੋਏ ਬਰਡ ਦੇ ਚਿੱਠੀ-ਪੱਤਰ ਨਾਲ ਸਬੰਧਤ ਖ਼ਾਲਸਾ ਦੀਵਾਨ ਸੁਸਾਇਟੀ ਨੂੰ ਲਿਖੀਆਂ ਗਈਆਂ ਚਿੱਠੀਆਂ
  • ਵੈਨਕੂਵਰ ਵਿੱਚ ਆਰੰਭਕ ਦੱਖਣ ਏਸ਼ੀਆਈ ਇਤਿਹਾਸ, ਖ਼ਾਸ ਕਰਕੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਪ੍ਰਮਾਣਤ ਕਰਦੀਆਂ ਅਖ਼ਬਾਰਾਂ ਦੀਆਂ ਕਾਤਰਾਂ ਨਾਲ ਭਰੀਆਂ ਹੋਈਆਂ ਸਕਰੈਪਬੁਕਾਂ
  • ਯੂਨਾਈਟਿਡ ਇੰਡੀਆ ਹੋਮ ਰੂਲ ਲੀਗ ਆਫ਼ ਕੈਨੇਡਾ ਅਤੇ ਵੈਨਕੂਵਰ ਦੀ ਹਿੰਦੁਸਤਾਨੀ ਸਵਰਾਜ ਸਭਾ, ਜਿਨ੍ਹਾਂ ਸੰਸਥਾਵਾਂ ਨੇ ਗ਼ਦਰ ਅੰਦੋਲਨ ਨੂੰ ਜਨਮ ਦਿੱਤਾ, ਦੀ ਅਸਲ ਡਾਇਰੀ
  • ਭਾਗ ਸਿੰਘ ਦਾ ਪਾਸਪੋਰਟ, 1927
  • ਬੀ.ਸੀ. ਦੀ ਖ਼ਾਲਸਾ ਦੀਵਾਨ ਸੁਸਾਇਟੀ ਵੱਲੋਂ 1942 ਵਿੱਚ ਵੋਟ ਦੇ ਹੱਕ ਲਈ ਦਾਇਰ ਕੀਤੀ ਗਈ ਪਟੀਸ਼ਨ
  • ਸੈਕੰਡ ਐਵਨਿਊ ਦੇ ਗੁਰਦੁਆਰੇ ਵਿੱਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਭਾਸ਼ਣ ਦੀ 1949 ਦੀ ਰਿਕਾਰਡਿੰਗ

ਕੈਨੇਡੀਅਨ ਫ਼ਾਰਮਵਰਕਰਜ਼ ਯੂਨੀਅਨ ਸੰਗ੍ਰਿਹ

ਕੈਨੇਡੀਅਨ ਫ਼ਾਰਮਵਰਕਰਜ਼ ਯੂਨੀਅਨ (ਸੀ ਐੱਫ਼ ਯੂ) ਅਤੇ ਉਸ ਦੇ ਸਹਿਯੋਗੀਆਂ ਨੇ ਖੇਤ ਕਾਮਿਆਂ ਲਈ ਕੰੰਮ ਦੇ ਬਿਹਤਰ ਹਾਲਾਤ ਅਤੇ ਰਿਹਾਇਸ਼ ਦੀ ਵਕਾਲਤ ਕੀਤੀ, ਕੀੜੇਮਾਰ ਦਵਾਈਆਂ ਦੇ ਪ੍ਰਭਾਵ ਵਰਗੀਆਂ ਸਿਹਤ ਸਬੰਧੀ ਚਿੰਤਾਵਾਂ ਦਾ ਹੱਲ ਕੀਤਾ, ਅਤੇ ਕੈਨੇਡਾ ਦੇ ਕਾਨੂੰਨਾਂ ਵਿੱਚ ਸਥਾਪਤ ਇਤਿਹਾਸਕ ਭੇਦਭਾਵ ਦੇ ਵਿਰੁੱਧ ਸੰਘਰਸ਼ ਕਰਦਿਆਂ ਸੱਭਿਆਚਾਰਕ ਅਤੇ ਵਿੱਦਿਅਕ ਹੱਕਾਂ ਨੂੰ ਉਤਸ਼ਾਹਤ ਕੀਤਾ।

ਸੀ ਐੱਫ਼ ਯੂ ਦੀ ਉਤਪਤੀ ਦੀਆਂ ਜੜ੍ਹਾਂ ਸਤੰਬਰ 1978 ਵਿੱਚ ਸਰੀ, ਬ੍ਰਿਟਿਸ਼ ਕੋਲੰਬੀਆ ਦੇ ਇੱਕ ਸਕੂਲ਼ ਵਿੱਚ ਦੱਖਣ ਏਸ਼ੀਆਈ ਭਾਈਚਾਰੇ ਦੇ ਕਿਰਿਆਸ਼ੀਲ ਵਿਅਕਤੀਆਂ ਦੀ ਇੱਕ ਸ਼ੁਰੂਆਤੀ ਬੈਠਕ ਵਿੱਚ ਲੱਭੀਆ ਜਾ ਸਕਦੀਆ ਹਨ। ਸੀ ਐੱਫ਼ ਯੂ ਨੇ ਆਪਣਾ ਨੀਂਹ ਰੱਖਣ ਵਾਲਾ ਸੰਮੇਲਨ 6 ਅਪ੍ਰੈਲ, 1980 ਨੂੰ ਆਯੋਜਤ ਕੀਤਾ, ਅਤੇ ਉਸੇ ਵਰ੍ਹੇ ਜੁਲਾਈ ਵਿੱਚ ਖੇਤ ਕਾਮਿਆਂ ਦੀ ਸਭ ਤੋਂ ਪਹਿਲੀ ਯੂਨੀਅਨ ਦਾ ਪ੍ਰਮਾਣੀਕਰਨ ਹਾਸਲ ਕੀਤਾ। ਵਰ੍ਹੇ ਦੇ ਅਖੀਰ ਤੱਕ, ਸੀ ਐੱਫ਼ ਯੂ ਲੋਕਲ 1 ਨੇ ਖੇਤ ਕਾਮਿਆਂ ਲਈ ਆਪਣੇ ਸਭ ਤੋਂ ਪਹਿਲੇ ਇਤਿਹਾਸਕ ਕਰਾਰ ਤੇ ਹਸਤਾਖਰ ਕਰ ਲਏ।

1980ਵਿਆਂ ਦੌਰਾਨ, ਸੀ ਐੱਫ਼ ਯੂ, ਬੀ. ਸੀ. ਅਤੇ ਉਨਟਾਰਿਉ ਵਿੱਚ ਖੇਤ ਕਾਮਿਆਂ ਦੇ ਨਸਲੀ ਗੁੱਟਾਂ ਨੂੰ ਸੰਗਠਤ ਕਰਨ ਵਾਲੀ ਇੱਕ ਮੁੱਖ ਤਾਕਤ ਬਣ ਗਈ। 1993 ਵਿੱਚ, ਬੀ.ਸੀ. ਦੀ ਨਿਊ ਡੈਮੋਕਰੈਟਿਕ ਸਰਕਾਰ ਖੇਤੀਬਾੜੀ ਕਾਮਿਆਂ ਨੂੰ ਸਿਹਤ ਅਤੇ ਸੁਰੱਖਿਆ ਦੇ ਨਿਯਮਾਂ ਦੇ ਦਾਇਰੇ ਵਿੱਚ ਲੈ ਆਈ-ਇੱਕ ਅਜਿਹੀ ਤਬਦੀਲੀ ਜੋ ਸੀ ਐੱਫ਼ ਯੂ ਅਤੇ ਖੇਤ ਕਾਮਿਆਂ ਲਈ ਨਿਆਂ ਪ੍ਰਾਪਤ ਕਰਨ ਹਿਤ ਕਾਮਿਆਂ ਅਤੇ ਉਪਭੋਗਤਾਵਾਂ ਨੂੰ ਇਕੱਠਿਆਂ ਕਰਨ ਵਾਲੇ ਇੱਕ ਵੱਡੇ ਅੰਦੋਲਨ ਰਾਹੀਂ ਲਿਆਂਦੀ ਗਈ। 2003 ਵਿੱਚ ਖੇਤ ਕਾਮਿਆਂ ਨੂੰ ਰੁਜ਼ਗਾਰ ਸਬੰਧੀ ਮੁਢਲੇ ਸਾਧਾਰਣ ਕਾਨੂੰਨਾਂ ਤੋਂ ਵਾਂਝਿਆਂ ਕਰ ਦਿੱਤਾ ਗਿਆ ਅਤੇ ਪ੍ਰਤੀ ਘੰਟਾ ਦੇ ਹਿਸਾਬ ਨਾਲ ਅਦਾਇਗੀ ਕੀਤੇ ਜਾਣ ਵਾਲੇ ਖੇਤ ਕਾਮਿਆਂ ਨੂੰ ਸਰਕਾਰੀ ਛੁੱਟੀਆਂ ਦੀ ਤਨਖ਼ਾਹ ਦਿੱਤੇ ਜਾਣ, ਫ਼ਸਲ ਦੇ ਘੱਟੋ ਘੱਟ ਭਾਅ ਅਤੇ ਉਵਰਟਾਈਮ ਤਨਖ਼ਾਹ ਦਿੱਤੇ ਜਾਣ ਦੇ ਬਹੁਤ ਮੁਸ਼ਕਲ ਨਾਲ ਹਾਸਲ ਕੀਤੇ ਗਏ ਹੱਕਾਂ ਨੂੰ ਵਾਪਸ ਲੈ ਲਿਆ ਗਿਆ।

ਸਾਈਮਨ ਫ਼ਰੇਜ਼ਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿਸ਼ੇਸ਼ ਸੰਗ੍ਰਿਹ, ਦੁਰਲਭ ਪੁਸਤਕ ਵਿਭਾਗ ਕੋਲ ਉਪਲਬਧ ਕੈਨੇਡੀਅਨ ਫ਼ਾਰਮਵਰਕਰਜ਼ ਯੂਨੀਅਨ ਦੇ ਮੁਕੰਮਲ ਪੁਰਾਲੇਖ ਸੰਗ੍ਰਿਹ ਵਿੱਚੋਂ ਇੱਥੇ 700 ਤੋਂ ਵਧੇਰੇ ਪ੍ਰਕਾਸ਼ਨਾਂ, ਦਸਤਾਵੇਜ਼ਾਂ, ਤਸਵੀਰਾਂ, ਸੁਣਨਯੋਗ ਰਿਕਾਰਡਿੰਗਾਂ, ਜ਼ਬਾਨੀ ਇਤਿਹਾਸ ਮੁਲਾਕਾਤਾਂ ਅਤੇ ਹੋਰ ਖ਼ਾਸ ਵਸਤਾਂ ਦੇ ਇੱਕ ਨੁਮਾਇੰਦਾ ਸੰਕਲਨ ਨੂੰ ਡਿਜਿਟਲ ਰੂਪ ਦਿੱਤਾ ਗਿਆ ਹੈ।

ਡੀ. ਪੀ. ਪਾਂਡੀਆ ਸੰਗ੍ਰਿਹ

ਡੀ. ਪੀ. ਪਾਂਡੀਆ ਸੰਗ੍ਰਿਹ ਵਿੱਚ ਡਾ. ਦੁਰਈ ਪਾਲ ਪਾਂਡੀਆ ਦੀਆਂ ਗਤੀਵਿਧੀਆਂ ਨੂੰ ਪ੍ਰਮਾਣਤ ਕਰਦੀਆਂ ਹੋਈਆਂ ਡਿਜਿਟਲ ਤਸਵੀਰਾਂ, ਦਸਤਾਵੇਜ਼ ਅਤੇ ਵਸਤਾਂ ਸ਼ਾਮਲ ਹਨ। ਇੱਕ ਵਕੀਲ ਅਤੇ ਕਿਰਿਆਵਾਦੀ, ਡਾ. ਪਾਂਡੀਆ ਨੇ 1947 ਵਿੱਚ ਦੱਖਣ ਏਸ਼ੀਆਈ ਭਾਈਚਾਰੇ ਲਈ ਵੋਟ ਦਾ ਹੱਕ ਹਾਸਲ ਕਰਨ ਅਤੇ ਕੈਨੇਡਾ ਵਿੱਚ ਪ੍ਰਵਾਸੀਆਂ ਦੇ ਹੱਕਾਂ ਨੂੰ ਬਿਹਤਰ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ। ਡਿਜਿਟਲ ਰੂਪ ਦੇਣ ਲਈ ਇਸ ਸਮੱਗਰੀ ਦਾ ਯੋਗਦਾਨ ਉਨ੍ਹਾਂ ਦੀ ਧੀ ਅਰੁਣਾ ਪਾਂਡੀਆ ਵੱਲੋਂ ਦਿੱਤਾ ਗਿਆ ਹੈ। ਕੋਹਲੀ ਸੰਗ੍ਰਿਹ ਵਿੱਚ ਪਾਂਡੀਆ ਦੇ ਨਾਲ ਇੱਕ ਮੁਲਾਕਾਤ ਸਮੇਤ ਡਾ. ਪਾਂਡੀਆ ਨਾਲ ਸਬੰਧਤ ਹੋਰ ਰਿਕਾਰਡ ਇਸ ਵੈੱਬਸਾਈਟ ਉੱਤੇ ਦੂਜੇ ਸੰਗ੍ਰਿਹਾਂ ਵਿੱਚ ਉਪਲਬਧ ਹੋ ਸਕਦੇ ਹਨ।

ਹੈਨਰੀ ਹਰਬਰਟ ਸਟੀਵਨਜ਼ ਫ਼ੌਂਡਜ਼

ਸਿਟੀ ਆਫ਼ ਵੈਨਕੂਵਰ ਆਰਕਾਈਵਜ਼ ਕੋਲ ਉਪਲਬਧ ਹੈਨਰੀ ਹਰਬਰਟ  (ਐੱਚ. ਐੱਚ.) ਸਟੀਵਨਜ਼ ਫ਼ੌਂਡਜ਼ ਵਿੱਚੋਂ ਬਹੁਤ ਸਾਰੀਆਂ ਮੁਕੰਮਲ ਫ਼ਾਈਲਾਂ ਦੀ ਸਮੱਗਰੀ ਨੂੰ ਇੱਥੇ ਡਿਜਿਟਲ ਰੂਪ ਦਿੱਤਾ ਗਿਆ ਹੈ: “ਹਿੰਦੂ ਇਮੀਗ੍ਰੇਸ਼ਨ”, “ਕਾਮਾਗਾਟਾ ਮਾਰੂ”,    “ਹਿੰਦੂ ਫ਼ਰੈਂਚਾਈਜ਼; ਇਮੀਗ੍ਰੇਸ਼ਨ”, “ਇਮੀਗ੍ਰੇਸ਼ਨ; ਵੈਨਕੂਵਰ ਪੋਰਟ ਫ਼ੈਸਿਲਿਟੀਜ਼”, ਅਤੇ “ਨਿਊਜ਼ ਕਲਿਪਿੰਗਜ਼”

ਸਟੀਵਨਜ਼ ਕੈਨੇਡਾ ਵਿੱਚ ਪ੍ਰਵਾਸ ਦਾ ਵਿਰੋਧੀ ਸੀ ਅਤੇ ਕਾਮਾਗਾਟਾ ਮਾਰੂ ਦੀ ਘਟਨਾ ਵੇਲੇ ਵੈਨਕੂਵਰ ਤੋਂ ਸਦਨ ਦਾ ਕੰਜ਼ਰਵੇਟਿਵ ਮੈਂਬਰ ਸੀ। ਕਾਮਾਗਾਟਾ ਮਾਰੂ ਨਾਲ ਖ਼ਾਸਕਰ ਅਤੇ ਏਸ਼ੀਆਈ ਪ੍ਰਵਾਸ ਨਾਲ ਸਾਧਾਰਣ ਤੌਰ ਤੇ ਸਬੰਧਤ ਇਸ ਰਿਕਾਰਡ ਵਿੱਚ ਪੱਤਰ-ਵਿਹਾਰ, ਰਿਪੋਰਟਾਂ, ਨੋਟ ਅਤੇ ਹੋਰ ਦਸਤਾਵੇਜ਼ ਸ਼ਾਮਲ ਹਨ ਜੋ ਸਟੀਵਨਜ਼ ਅਤੇ ਪ੍ਰਧਾਨ ਮੰਤਰੀ ਰਾਬਰਟ ਬੋਰਡਨ ਵਰਗੇ ਸਰਕਾਰੀ ਅਫ਼ਸਰਾਂ, ਮੈੱਲਕਾਮ ਰੀਡ ਅਤੇ ਵਿਲੀਅਮ ਹਾਪਕਿੰਸਨ ਸਮੇਤ ਪ੍ਰਵਾਸੀ ਵਿਭਾਗ ਦੇ ਅਫ਼ਸਰਾਂ, ਗੁਰਦਿਤ ਸਿੰਘ ਅਤੇ   ਡਾ. ਰਘੂਨਾਥ ਸਿੰਘ ਵਰਗੇ ਮੁਸਾਫ਼ਰਾਂ, ਅਤੇ ਉਨ੍ਹਾਂ ਦੇ ਵਕੀਲ ਜੇ. ਐਡਵਰਡ ਬਰਡ ਸਮੇਤ ਉਸ ਘਟਨਾ ਦੇ ਬਹੁਤ ਸਾਰੇ ਮੁੱਖ ਖਿਡਾਰੀਆਂ ਵੱਲੋਂ ਬਣਾਏ ਗਏ ਹਨ ਜਾਂ ਉਨ੍ਹਾਂ ਨਾਲ ਸਬੰਧਤ ਹਨ। ਇਨ੍ਹਾਂ ਫ਼ਾਈਲਾਂ ਵਿੱਚ ਅਦਾਲਤੀ ਨਕਲਾਂ, ਬੋਰਡ ਦੀਆਂ ਕਾਰਵਾਈਆਂ ਦਾ ਲਿਖਤੀ ਵੇਰਵਾ, ਡੋਮੀਨੀਅਨ ਹਾਲ ਵਿੱਚ ਹੋਈਆਂ ਬੈਠਕਾਂ ਦਾ ਲਿਖਤੀ ਵੇਰਵਾ, ਅਤੇ ਸਟੀਵਨਜ਼ ਵੱਲੋਂ ਸਥਾਨਕ ਅਖ਼ਬਾਰਾਂ ਵਿੱਚੋਂ ਕਾਮਾਗਾਟਾ ਮਾਰੂ ਨਾਲ ਜੁੜੀਆਂ ਇਕੱਠੀਆਂ ਕੀਤੀਆਂ ਗਈਆਂ ਕਾਤਰਾਂ ਦੀ ਇੱਕ ਫ਼ਾਈਲ਼ ਵੀ ਸ਼ਾਮਲ ਹੈ। ਇਸ ਪੂਰੀ ਘਟਨਾ ਨੂੰ ਇਨ੍ਹਾਂ ਰਿਕਾਰਡਾਂ ਵਿੱਚ ਫ਼ੈਡਰਲ ਸਰਕਾਰ ਦੇ ਇੱਕ ਸਥਾਨਕ ਅਧਿਕਾਰੀ ਦੇ ਨਜ਼ਰੀਏ ਤੋਂ ਪ੍ਰਮਾਣਤ ਕੀਤਾ ਗਿਆ ਹੈ।

ਹਿਊਗ ਜੌਨਸਟਨ ਕਾਮਾਗਾਟਾ ਮਾਰੂ ਖੋਜ ਸੰਗ੍ਰਿਹ

ਆਪਣੀ ਕਿਤਾਬ ਦਾ ਵੌਇਜ ਆਫ਼ ਦਾ ਕੋਮਾਗਾਟਾ ਮਰੂ ਲਈ ਖੋਜ ਕਰਦੇ ਵੇਲੇ ਹਿਊਗ ਜੌਨਸਟਨ ਵੱਲੋਂ ਇਕੱਠੀ ਕੀਤੀ ਗਈ ਖੋਜ ਸਮੱਗਰੀ ਦੇ 3000 ਤੋਂ ਵਧੇਰੇ ਪੰਨੇ ਇਸ ਸੰਗ੍ਰਿਹ ਵਿੱਚ ਸ਼ਾਮਲ ਹਨ। ਪਬਲਿਕ ਆਰਕਾਈਵਜ਼ ਆਫ਼ ਕੈਨੇਡਾ (ਲਾਇਬ੍ਰੇਰੀ ਐਂਡ ਆਰਕਾਈਵਜ਼ ਕੈਨੇਡਾ), ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ, ਯੂ ਐੱਸ ਨੈਸ਼ਨਲ ਆਰਕਾਈਵਜ਼ ਐਂਡ ਰਿਕਾਰਡਜ਼ ਐਡਮਿਨਿਸਟ੍ਰੇਸ਼ਨ, ਅਤੇ ਸਿਟੀ ਆਫ਼ ਵੈਨਕੂਵਰ ਆਰਕਾਈਵਜ਼ ਤੋਂ ਦਸਤਾਵੇਜ਼ਾਂ ਦੀਆਂ ਨਕਲਾਂ ਵੀ ਸ਼ਾਮਲ ਹਨ ਜਿਹੜੀਆਂ ਅਕਸਰ ਜੌਨਸਟਨ ਦੀਆਂ ਟਿੱਪਣੀਆਂ ਦੇ ਨਾਲ ਹਨ।ਇਨ੍ਹਾਂ ਰਿਕਾਰਡਾਂ ਵਿੱਚ ਖ਼ਾਸਕਰ ਪ੍ਰਵਾਸੀ ਵਿਭਾਗ ਲਈ ਕੰਮ ਕਰਨ ਵਾਲੇ ਸਰਕਾਰੀ ਅਫ਼ਸਰਾਂ ਦਾ ਚਿੱਠੀ-ਪੱਤਰ ਅਤੇ ਰਿਪੋਰਟਾਂ, ਅਦਾਲਤੀ ਰਿਕਾਰਡ, ਬੋਰਡ ਦੀਆਂ ਕਾਰਵਾਈਆਂ ਦਾ ਲਿਖਤੀ ਵੇਰਵਾ ਅਤੇ ਰਸਾਲਿਆਂ ਦੀਆਂ ਕਾਪੀਆਂ ਅਤੇ ਅਖ਼ਬਾਰਾਂ ਦੀਆਂ ਕਾਤਰਾਂ ਸ਼ਾਮਲ ਹਨ।

ਇੰਡੋ-ਕੈਨੇਡੀਅਨ ਜ਼ਬਾਨੀ ਇਤਿਹਾਸ ਸੰਗ੍ਰਿਹ

ਸਾਈਮਨ ਫ਼ਰੇਜ਼ਰ ਯੂਨੀਵਰਸਿਟੀ ਦੇ ਪੁਰਾਲੇਖ ਵਿਭਾਗ ਵੱਲੋਂ ਇਹ ਸੰਗ੍ਰਿਹ ਕੈਨੇਡਾ ਵਿੱਚ ਆ ਕੇ ਵੱਸਣ ਵਾਲੇ ਆਰੰਭਕ ਦੱਖਣ ਏਸ਼ੀਆਈਆਂ ਨਾਲ ਮੁਲਾਕਾਤਾਂ ਕਰਨ ਦੇ ਦੋ ਵੱਖੋ ਵੱਖਰੇ ਪ੍ਰਾਜੈਕਟਾਂ ਤੇ ਅਧਾਰਤ ਹੈ ਜਿਨ੍ਹਾਂ ਵਿੱਚ ਤਕਰੀਬਨ ਇਹ ਸਾਰੇ ਬ੍ਰਿਟਿਸ਼ ਕੋਲੰਬੀਆ ਦੇ ਨਿਵਾਸੀ ਹਨ। ਸਾਈਮਨ ਫ਼ਰੇਜ਼ਰ ਯੂਨੀਵਰਸਿਟੀ ਵਿੱਚ ਸਮਾਜਕ ਸ਼ਾਸਤਰ ਦੇ ਪ੍ਰੋਫ਼ੈਸਰ ਐਮਰੇਟਿਸ ਡਾ. ਹਰੀ ਸ਼ਰਮਾ ਨੇ ਭਾਰਤ ਦੇ ਪੰਜਾਬ ਸੂਬੇ ਦੇ ਉਨ੍ਹਾਂ ਪ੍ਰਵਾਸੀਆਂ ਦੇ ਇਤਹਿਾਸ ਨੂੰ ਲਿਖਤੀ ਰੂਪ ਦੇਣ ਦੇ ਇੱਕ ਪ੍ਰਾਜੈਕਟ ਦੀ ਅਗਵਾਈ ਕੀਤੀ ਜਿਹੜੇ 1912 ਅਤੇ 1938 ਦੇ ਵਿਚਾਲੇ ਕੈਨੇਡਾ ਵਿੱਚ ਆਏ। ਇਹ ਮੁਲਾਕਾਤਾਂ ਡਾ. ਹਰੀ ਸ਼ਰਮਾ ਅਤੇ ਉਨ੍ਹਾਂ ਦੇ ਗਰੈਜੁਏਟ ਵਿਦਿਆਰਥੀਆਂ ਵੱਲੋਂ 1984 ਅਤੇ 1987 ਦੇ ਦਰਮਿਆਨ ਕੀਤੀਆਂ ਗਈਆਂ। ਇਨ੍ਹਾਂ ਮੁਲਾਕਾਤਾਂ ਨੂੰ 1 ਤੋਂ 19 ਤੱਕ ਦਾ ਲੜੀ ਨੰਬਰ ਦਿੱਤਾ ਗਿਆ ਹੈ। ਇੱਕ ਦੂਜੇ ਪ੍ਰਾਜੈਕਟ ਵਿੱਚ ਉਨ੍ਹਾਂ ਸਿੱਖ ਪ੍ਰਵਾਸੀਆਂ ਨਾਲ 32 ਮੁਲਾਕਾਤਾਂ ਸ਼ਾਮਲ ਹਨ ਜਿਹੜੇ 1956 ਤੋਂ ਪਹਿਲਾਂ ਕੈਨੇਡਾ ਵਿੱਚ ਆਏ। ਇਹ ਪ੍ਰਾਜੈਕਟ ਡਾ. ਗੁਰਚਰਨ ਸਿੰਘ ਬਸਰਾਂ ਅਤੇ ਡਾ. ਬੀ. ਸਿੰਘ ਬੋਲਾਰੀਆ ਵੱਲੋਂ 1986 ਵਿੱਚ ਸੰਚਾਲਤ ਕੀਤਾ ਗਿਆ। ਇਨ੍ਹਾਂ ਮੁਲਾਕਾਤਾਂ ਨੂੰ 20 ਤੋਂ 52 ਤੱਕ ਦਾ ਲੜੀ ਨੰਬਰ ਦਿੱਤਾ ਗਿਆ ਹੈ।

ਇਹ ਮੁਲਾਕਾਤਾਂ ਕੈਨੇਡਾ ਵਿੱਚ ਪ੍ਰਵਾਸ ਦੇ ਕਾਰਣਾਂ ਅਤੇ ਉਨ੍ਹਾਂ ਦੇ ਕੈਨੇਡਾ ਵਿੱਚ ਦਾਖ਼ਲ ਹੋਣ ਦੀਆਂ ਸ਼ਰਤਾਂ ਅਤੇ ਨਿਯਮਾਂ ਦੀ ਵਿਆਖਿਆ ਕਰਦੀਆਂ ਹਨ। ਮੁਲਾਕਾਤੀ ਇੱਕ ਵਾਰੀ ਕੈਨੇਡਾ ਵਿੱਚ ਆ ਜਾਣ ਤੇ, ਕੰਮ ਅਤੇ ਰਹਿਣ ਸਬੰਧੀ ਆਪਣੇ ਅਨੁਭਵਾਂ ਦੀ ਚਰਚਾ ਕਰਦੇ ਹਨ; ਮਜ਼ਦੂਰੀ, ਕਾਨੂੰਨੀ ਅਤੇ ਸਿਆਸੀ ਮੁੱਦੇ ਜਿਹੜੇ ਪ੍ਰਵਾਸੀਆਂ ਨੂੰ ਪ੍ਰਭਾਵਤ ਕਰਦੇ ਸਨ; ਹੋਰ ਜ਼ਾਤਾਂ ਅਤੇ ਨਸਲਾਂ ਦੇ ਗੁੱਟਾਂ ਨਾਲ ਸਬੰਧ; ਪ੍ਰਵਾਰਕ ਜੀਵਨ ਅਤੇ ਕੈਨੇਡਾ ਦੇ ਸਮਾਜ ਨਾਲ ਤਾਲਮੇਲ; ਅਤੇ ਆਪਣੇ ਜੱਦੀ ਦੇਸ਼ ਨਾਲ ਲਗਾਤਾਰ ਸੰਪਰਕ। ਲਗ ਭਗ ਸਾਰੀਆਂ ਮੁਲਾਕਾਤਾਂ ਪੰਜਾਬੀ ਵਿੱਚ ਕੀਤੀਆਂ ਗਈਆਂ ਹਨ ਜਦ ਕਿ ਥੋੜ੍ਹੀਆਂ ਜਿਹੀਆਂ ਅੰਗਰੇਜ਼ੀ ਅਤੇ ਹਿੰਦੀ ਵਿੱਚ ਹਨ।

ਉਪਯੋਗਤਾ ਵਧਾਉਣ ਲਈ, ਸੰਗ੍ਰਿਹ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਵਿੱਚ ਅਤੇ ਕੁਝ ਮਾਮਲਿਆਂ ਵਿੱਚ ਪੰਜਾਬੀ ਵਿੱਚ ਵੀ ਖੋਜ ਯੋਗ ਸਾਰੰਸ਼ ਜਾਂ ਮੁਕੰਮਲ ਪ੍ਰਤੀਲਿਪੀਆਂ ਸ਼ਾਮਲ ਹਨ। ਅੱਜ ਦੇ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਨੂੰ ਇਨ੍ਹਾਂ ਆਰੰਭਕ ਨਿਵਾਸੀਆਂ ਦੇ ਬਹੁਤ ਸਾਰੇ ਅਨੁਭਵਾਂ ਦਾ ਗਿਆਨ ਨਹੀਂ ਹੈ: ਨਾਗਰਿਕਤਾ ਦੇ ਹੱਕਾਂ ਦੀ ਅਣਹੋਂਦ; ਔਰਤਾਂ ਨੂੰ ਦਾਖ਼ਲੇ ਤੋਂ ਮਨਾਹੀ; ਪਗੜੀ ਪਹਿਨਣ ਅਤੇ ਗ਼ੈਰ-ਪੱਛਮੀ ਪਹਿਰਾਵੇ ਤੇ ਪਾਬੰਦੀਆਂ। ਸਮੁੱਚੇ ਰੂਪ ਵਿੱਚ, ਇਹ ਸੰਗ੍ਰਿਹ ਦੱਖਣ ਏਸ਼ੀਆਈ ਪ੍ਰਵਾਸੀਆਂ ਦੀ ਸਭ ਤੋਂ ਪਹਿਲੀ ਪੀੜ੍ਹੀ ਦੀ ਦੁਨੀਆ ਦੀ ਉਨ੍ਹਾਂ ਦੇ ਹੀ ਸ਼ਬਦਾਂ ਵਿੱਚ ਇੱਕ ਨਿਵੇਕਲੀ ਝਲਕ ਪੇਸ਼ ਕਰਦਾ ਹੈ।

ਕੋਹਲੀ ਸੰਗ੍ਰਿਹ

ਸਾਈਮਨ ਫ਼ਰੇਜ਼ਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿਸ਼ੇਸ਼ ਸੰਗ੍ਰਿਹ, ਦੁਰਲਭ ਪੁਸਤਕ ਵਿਭਾਗ ਕੋਲ ਉਪਲਬਧ ਕੋਹਲੀ ਸੰਗ੍ਰਿਹ ਵਿੱਚੋਂ ਬ੍ਰਿਟਿਸ਼ ਕੋਲੰਬੀਆ ਦੇ ਆਰੰਭਕ ਦੱਖਣ ਏਸ਼ੀਆਈ ਭਾਈਚਾਰੇ ਨੂੰ ਪ੍ਰਮਾਣਤ ਕਰਦੀਆਂ ਬਹੁਤ ਸਾਰੀਆਂ ਤਸਵੀਰਾਂ ਅਤੇ ਰਸਾਲਿਆਂ ਨੂੰ ਇੱਥੇ ਡਿਜਿਟਲ ਰੂਪ ਦਿੱਤਾ ਗਿਆ ਹੈ।ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਪਹਿਲੇ ਗੁਰਦੁਆਰੇ ਵਿੱਚ ਭਾਈਚਾਰੇ ਦੇ ਮੈਂਬਰਾਂ ਦੇ ਚਿੱਤਰ ਸ਼ਾਮਲ ਹਨ, ਜਿਨ੍ਹਾਂ ਵਿੱਚ ਵੈਨਕੂਵਰ, ਵਿਕਟੋਰੀਆ, ਹਿਲਕਰੈਸਟ ਅਤੇ ਉਸ਼ਨਫ਼ਾਲ ਦੇ ਗੁਰਦੁਆਰੇ ਸ਼ਾਮਲ ਹਨ; 1897 ਵਿੱਚ ਮਹਾਰਾਣੀ ਵਿਕਟੋਰੀਆ ਦੀ ਜਯੰਤੀ ਤੋਂ ਬਾਦ ਬੀ. ਸੀ. ਵਿੱਚ ਸਿੱਖ ਰੈਜਿਮੈਂਟ; ਲੰਬਰ ਮਿਲ ਕਾਮੇ ਅਤੇ ਉਨ੍ਹਾਂ ਦੇ ਪ੍ਰਵਾਰ; ਵਿਕਟੋਰੀਆ ਵਿੱਚ ਹਿਰਾਸਤ ਕੇਂਦਰ ਵਿੱਚ ਪਨਾਮਾ ਮਾਰੂ ਦੇ ਮੁਸਾਫ਼ਰ; 1915 ਵਿੱਚ ਮੇਵਾ ਸਿੰਘ ਦੀ ਅੰਤਿਮ ਯਾਤਰਾ; ਭਾਈਚਾਰੇ ਦੇ ਆਗੂ; ਜਵਾਹਰ ਲਾਲ ਨਹਿਰੂ ਸਮੇਤ ਸਿਆਸੀ ਨੇਤਾਵਾਂ ਦੇ ਦੌਰੇ।