ਸੰਗ੍ਰਹਿ ਵਿੱਚ ਖੋਜੋ
Left-hand navigation links (Punjabi)
ਭੂਮਿਕਾ
''ਦਰਿਆ ਦੇ ਨਿਰੰਤਰ ਵਹਿਣ ਨੇ ਮਲੂਕੇ ਨੂੰ ਮੋਹ ਲਿਆ। ਪਾਣੀ ਦੀ ਸ਼ਾਂਤ ਹਲਚਲ ਨੇ ਉਸ ਨੂੰ ਘਰ ਦਾ ਅਹਿਸਾਸ ਦਿਲਵਾਇਆ, ਕਿਉਂਕਿ ਫਰੇਜ਼ਰ ਦਰਿਆ ਪੰਜਾਬ ਵਿੱਚ ਵਹਿਣ ਵਾਲੇ ਸਤਲੁਜ ਦਰਿਆ ਵਰਗਾ ਹੀ ਸੀ। ਪਰਾਏ ਦੇਸ਼ ਵਿੱਚ ਪਰਾਏ ਲੋਕਾਂ ਨਾਲੋਂ ਦਰਿਆ ਦੇ ਨਾਲ ਇੱਕ ਕਰੀਬੀ ਰਿਸ਼ਤਾ ਬਣਾਉਣਾ ਜ਼ਿਆਦਾ ਆਸਾਨ ਸੀ''।
ਮਲੂਕਾ- ਸਾਧੂ ਸਿੰਘ ਧਾਮੀ
ਦਰਿਆ, ਪਾਣੀ, ਯਾਤਰਾ ਅਤੇ ਘਰ ਦਾ ਅਹਿਸਾਸ ਸਾਰੇ ਆਵਾਸੀਆਂ ਨੂੰ ਕੈਨੇਡਾ ਦੀ ਕਹਾਣੀ ਲਿਖਣ ਲਈ ਇਕ ਸਾਂਝ ਵਿਚ ਬੰਨ੍ਹਦੇ ਹਨ। ਇਸ ਕਹਾਣੀ ਦੇ ਲੇਖਕ ਸਮੇਂ ਨਾਲ ਬਦਲ ਵੀ ਸਕਦੇ ਹਨ, ਨਵੇਂ ਨਜ਼ਰੀਏ ਸ਼ਾਮਲ ਕਰਨ ਲਈ ਜੋ ਪਹਿਲਾਂ ਹਾਸ਼ੀਏ 'ਤੇ ਸਨ, ਪਰ ਇਹ ਨਿਰੰਤਰ ਚਲ ਰਿਹਾ ਸਫਰ ਦਰਸਾਉਂਦਾ ਹੈ ਕਿ ਅਸੀਂ ਕੈਨੇਡਾ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਅਤੇ ਸਾਡੇ ਲਈ ਕੈਨੇਡੀਅਨ ਹੋਣ ਦਾ ਕੀ ਅਰਥ ਹੈ। ਅੱਜ ਕਾਮਾਗਾਟਾ ਮਾਰੂ ਦੀ ਕਹਾਣੀ ਮੁੜ ਦੱਸਣ ਦਾ ਇਕ ਫਾਇਦਾ ਇਹ ਹੈ ਕਿ ਇਸ ਨਾਲ ਸਾਨੂੰ ਕੈਨੇਡਾ ਦੇ ਇਤਿਹਾਸ ਦੇ ਇੱਕ ਸੰਕੇਤਕ ਪਲ ਨੂੰ ਸਮਝਣ ਲਈ ਪਹਿਲੀਆਂ ਪੀੜ੍ਹੀਆਂ ਵਲੋਂ ਕੀਤੇ ਕੰਮ ਨੂੰ ਅਧਾਰ ਬਣਾ ਕੇ ਇਹਨਾਂ ਕੰਮਾ ਨੂੰ ਅਗੇ ਵਧਾ ਸਕਦੇ ਹਾਂ।
ਕਾਮਾਗਾਟਾ ਮਾਰੂ ਕਹਾਣੀ ਦੀ ਗੂੰਜ ੧੯੧੪ ਤੋਂ ਵੀ ਅੱਗੇ ਪੈਂਦੀ ਹੈ, ਇਸ ਨੂੰ ਭਾਰਤ ਦੀਆਂ ਆਜ਼ਾਦੀ ਦੀਆਂ ਲਹਿਰਾਂ ਨਾਲ ਜੋੜਦੀ ਹੈ, ਅਤੇ ਸਾਊਥ ਏਸ਼ੀਅਨਜ਼ ਵਲੋਂ ਕੈਨੇਡਾ ਵਿਚ ਵੋਟ ਦੇ ਹੱਕ ਲਈ ਕੀਤੀ ਜੱਦੋਜਹਿਦ ਨਾਲ ਜੋੜਦੀ ਹੈ। ਇਹ ਸਮਝਾਉਂਦੀ ਹੈ ਕਿ ਅਸੀਂ ਭਾਈਚਾਰਿਆਂ ਦੀ ਉਸਾਰੀ ਕਿਸ ਤਰ੍ਹਾਂ ਕਰਦੇ ਹਾਂ, ਸਰਕਾਰੀ ਬਹੁਸਭਿਆਚਾਰਵਾਦ ਨੂੰ ਕਿਸ ਤਰ੍ਹਾਂ ਲੈਂਦੇ ਹਾਂ, ਅਸੀਂ ਆਪਣੇ ਪਿਛੋਕੜ ਨੂੰ ਕਿੱਦਾਂ ਯਾਦ ਰੱਖਦੇ ਹਾਂ ਅਤੇ ਦੂਸਰਿਆਂ ਨਾਲ ਕਿਸ ਤਰ੍ਹਾਂ ਰਿਸ਼ਤੇ ਜੋੜਦੇ ਹਾਂ। ਇਥੇ ਤੁਹਾਨੂੰ ਮਿਲਣਗੇ ਪਹਿਲੀ ਵਾਰ ਇੱਕਠੇ ਕੀਤੇ ਗਏ ਅਨੋਖੇ ਸਰਕਾਰੀ ਦਸਤਾਵੇਜ਼, ਅਖਬਾਰਾਂ ਵਿੱਚ ਛਪੇ ਲੇਖ,ਅਕਾਦਮਿਕ ਪੁਸਤਕਾਂ, ਵਿਡਿਓ..ਅਤੇ ਇੱਕ ਡਾਇਰੀ ਵੀ।
ਇਸ ਵੈੱਬਸਾਈਟ ਦਾ ਇਕ ਨਿਰਾਲਾ ਪੱਖ ਇਸ ਕਹਾਣੀ ਦੇ ਰਵਾਇਤੀ ਨਜ਼ਰੀਏ ਨੂੰ ਦੁਬਾਰਾ ਦੇਖਣ ਦੀ ਕੋਸ਼ਸ਼ ਹੈ ਜਿਸ ਵਿਚ ਵੱਖਰੀਆਂ ਵੱਖਰੀਆਂ ਕੈਨੇਡੀਅਨ ਭਾਰਤੀ ਆਵਾਜ਼ਾਂ ਨੂੰ ਸ਼ਾਮਲ ਕਰਨਾ ਹੈ। ਇਹ ਇਤਿਹਾਸ ਤੇ ਇੱਕ ਸੂਖ਼ਮ ਅਤੇ ਬਹੁਪਰਤੀ ਨਜ਼ਰ ਮਾਰਨ ਵਿੱਚ ਮਦਦ ਕਰਦੀ ਹੈ, ਅਤੇ ਨਾਲ ਹੀ ਪਿਛਲੇ 100 ਸਾਲਾਂ ਦੌਰਾਨ-ਕੈਨੇਡੀਅਨਾਂ ਵੱਲੋਂ ਜੀਵੇ ਗਏ ਯਥਾਰਥ-ਅਤੇ ਉਹ ਜਿਹੜੇ ਕੈਨੇਡੀਅਨ ਬਣਨ ਲਈ ਯਤਨਸ਼ੀਲ ਹਨ-ਦੇ ਬਾਰੇ ਵੀ ਦਸਦੀ ਹੈ।
ਇਸ ਵੈੱਬਸਾਈਟ 'ਤੇ ਤੁਸੀਂ ਕਈ ਵੱਖਰੇ ਵੱਖਰੇ ਤਰੀਕਿਆਂ ਨਾਲ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹੋ। ਸਕਰੀਨ ਦੇ ਉੱਪਰਲੇ ਹਿੱਸੇ ਵਿਚ ਵੱਖਰੇ ਮਾਧਿਅਮ ਅਤੇ ਟੈਕਸਟ ਅਨੁਸਾਰ ਸਾਰੇ ਮੈਟਰ ਨੂੰ ਸੁਰਖੀਆਂ ਨਾਲ ਜਥੇਬੰਦ ਕੀਤਾ ਗਿਆ ਹੈ। ਜੇ ਤੁਹਾਨੂੰ ਕਿਸੇ ਵਿਸ਼ੇਸ਼ ਸੋਮੇ ਦੀ ਭਾਲ ਹੈ, ਤਾਂ ਖੱਬੇ ਪਾਸੇ ਦਾ ਕਾਲਮ ਵਰਤ ਕੇ ਦਸਤਾਵੇਜਾਂ, ਵਿਯੂਅਲ ਮੈਟਰ, ਜਾਂ ਵੀਡੀਓ ਦੀ ਖੋਜ ਕਰ ਸਕਦੇ ਹੋ।
ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਹੋਰ ਤਰੀਕਾ ਹੈ ਸਾਈਟ ਦੀ ਇੰਟਰਐਕਟਿਵ ਟਾਇਮਲਾਇਨ। ਇਥੇ ਕਾਮਾਗਾਟਾ ਮਾਰੂ ਕਹਾਣੀ ਨੂੰ ਇਸ ਦੇ ਪ੍ਰਮੁੱਖ ਪਲ, ਪੰਜ ਮੁੱਖ ਖੇਤਰਾਂ ਦੇ ਅਨੁਸਾਰ, ਦ੍ਰਿਸ਼ਟੀ ਰੂਪ ਅਤੇ ਸਮੇਂ ਅਨੁਸਾਰ ਤਰਤੀਬ ਦਿੱਤੀ ਗਈ ਹੈ। ਸਾਊਥ ਏਸ਼ੀਅਨ ਕੈਨੇਡੀਅਨ ਇਤਿਹਾਸ ਦੇ ਬਾਰੇ ਹੋਰ ਜਾਣਕਾਰੀ ਪ੍ਰਰਾਪਤ ਕਰਨ ਲਈ ਅਤੇ ਕਾਮਾਗਾਟਾ ਮਾਰੂ ਦੇ ਮੁੱਢਲੇ ਦਸਤਾਵੇਜ ਵਿੱਚ ਪਰਵੇਸ਼ ਕਰਨ ਲਈ ਟਾਇਮਲਾਇਨ ਨੂੰ ਵਰਤੋਂ ਅਤੇ ਮਹੱਤਵਪੂਰਨ ਪਲਾਂ ਤੇ ਕਲਿੱਕ ਕਰੋ। ਤੁਸੀਂ ਸਾਡੇ ਸੰਗ੍ਰਿਹ ਵਰਤਣ ਲਈ 'ਸਰਚ ਬਾਕਸ' ਵਿੱਚ ਮੁਖ ਸ਼ਬਦ, ਨਾਮ ਜਾਂ ਖਾਸ ਵਿਸ਼ੇ ਵੀ ਟਾਈਪ ਕਰ ਸਕਦੇ ਹੋ। ਸਾਡੀ ਇੱਛਾ ਹੈ ਕਿ ਕਾਮਾਗਾਟਾ ਮਾਰੂ ਬਾਰੇ ਇੱਕ ਵਿਆਪਕ ਪੋਰਟਲ ਸਿਰਜੀ ਜਾਵੇ ਤਾਂ ਕਿ ਅਸੀਂ ਸਰਕਾਰੀ ਦਸਤਾਵੇਜ, ਮੌਖਿਕ ਇਤਿਾਸ,ਨਿਜੀ ਆਰਕਾਈਵ, ਕਲਾਤਮਕ ਯਤਨਾਂ, ਅਤੇ ਇੰਟਰਵਿਊਆਂ ਰਾਹੀਂ ਇਸ ਘਟਨਾ ਨੂੰ ਸਮਝ ਸਕੀਏ। ਇਹ ਵੈਬਸਾਈਟ, ਕਾਮਾਗਾਟਾ ਮਾਰੂ ਨੂੰ ਵੱਖ ਵੱਖ ਨਜ਼ਰੀਏ ਰਾਹੀਂ ਵੇਖਣ ਦੀ ਅਤੇ ਇਹ ਜਾਨਣ ਦੀ ਕੋਸ਼ਸ਼ ਹੈ ਕਿ ਇਸ ''ਘਟਨਾ'' ਦਾ ਸਾਡੇ 'ਤੇ ਅੱਜ ਕੀ ਅਸਰ ਹੈ।